Saturday, March 22, 2014

ਫਿਰੋਜ਼ਪੁਰ: ਸੁਨੀਲ ਜਾਖੜ ਨੂੰ ਟਿਕਟ ਬਾਰੇ ਵਿਚਾਰਾਂ

ਫਿਰੋਜ਼ਪੁਰ: ਸੁਨੀਲ ਜਾਖੜ ਨੂੰ ਟਿਕਟ ਬਾਰੇ ਵਿਚਾਰਾਂ


Posted On March - 22 - 2014

ਕਾਂਗਰਸੀ ਨੇਤਾ ਦਿੱਲੀ ਤਲਬ; ਅਕਾਲੀ ਕੈਂਪ ਵਿੱਚ ਫ਼ਿਕਰਮੰਦੀ ਵਧੀ

ਅਰਚਿਤ ਵਤਸ/ਟ.ਨ.ਸ.
ਮੁਕਤਸਰ ਸਾਹਿਬ, 22 ਮਾਰਚ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿੱਚ  ਉਤਾਰਨ ਤੋਂ ਬਾਅਦ, ਕਾਂਗਰਸ ਹੁਣ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਉਣ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਇਸ ਸੀਟ ਤੋਂ ਸੁਨੀਲ ਜਾਖੜ ਦੇ ਪਿਤਾ ਮਰਹੂਮ ਬਲਰਾਮ ਜਾਖੜ ਕਾਫ਼ੀ ਸਮਾਂ ਨੁਮਾਇੰਦਗੀ ਕਰਦੇ ਰਹੇ ਹਨ।
ਹਾਲਾਂਕਿ ਸੁਨੀਲ ਜਾਖੜ ਨੇ ਲੋਕ ਸਭਾ ਚੋਣ ਲਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਸੀ ਪਰ ਪਤਾ ਚੱਲਿਆ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ’ਤੇ ਵਿਚਾਰ-ਚਰਚਾ ਕੀਤੀ ਗਈ ਸੀ। ਫਿਰੋਜ਼ਪੁਰ ਸੀਟ ਤੋਂ ਟਿਕਟ ਦੇ ਇਕ ਦਾਅਵੇਦਾਰ ਕਾਂਗਰਸ ਆਗੂ ਨੇ ਆਪਣੀ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ, ‘‘ਸੁਨੀਲ ਜਾਖੜ ਇਕ ਨਿਰਵਿਵਾਦ ਅਤੇ ਪੜ੍ਹੇ-ਲਿਖੇ ਆਗੂ ਹਨ। ਜੇ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ  ਪਾਰਟੀ ਵਿੱਚ ਕੋਈ ਧੜੇਬਾਜ਼ੀ ਨਹੀਂ ਹੋਵੇਗੀ ਅਤੇ ਹਰ ਕੋਈ ਉਨ੍ਹਾਂ ਦੀ ਹਮਾਇਤ ਕਰੇਗਾ।’’ ਪਾਰਟੀ ਨੇ ਪਹਿਲਾਂ ਸਿਟਿੰਗ ਵਿਧਾਇਕਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣ ਕਾਰਨ ਇਹ ਬੰਦਸ਼ ਟੁੱਟ ਗਈ ਹੈ।
ਸ੍ਰੀ ਜਾਖੜ ਨੇ ਨਵੀਂ ਦਿੱਲੀ ਤੋਂ ਫੋਨ ’ਤੇ ਇਸ ਪੱਤਰਕਾਰ ਨੂੰ ਦੱਸਿਆ, ‘‘ਪਾਰਟੀ ਜੋ ਵੀ ਫੈਸਲਾ ਕਰੇਗੀ ਮੈਂ ਉਸ ਦਾ ਪਾਲਣ ਕਰਾਂਗਾ।’’ ਉਹ ਅਬੋਹਰ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ।
ਉੱਧਰ, ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ ਜੋ 2012 ਦੀਆਂ ਚੋਣਾਂ ਤੋਂ  ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਸ਼ਾਮਲ ਹੋਏ ਹਨ, ਨੇ ਹਲਕੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਕੁਝ ਨਵੇਂ ਖੇਤਰਾਂ ਦੇ ਲੋਕਾਂ ਨੂੰ ਮਿਲ ਰਿਹਾ ਹਾਂ। ਜੇ ਮੈਨੂੰ ਟਿਕਟ  ਮਿਲੀ ਤਾਂ ਇਸ ਮਿਲਣੀ ਦਾ ਮੈਨੂੰ ਲਾਭ ਹੋਵੇਗਾ ਅਤੇ ਜੇ ਮੇਰੀ ਦਾਅਵੇਦਾਰੀ ਰੱਦ ਹੋ ਗਈ ਤਾਂ ਵੀ ਪਾਰਟੀ ਨੂੰ ਇਸ ਦਾ ਲਾਹਾ ਮਿਲੇਗਾ।’’ ਗੁਰੂ ਹਰਸਹਾਏ ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੀ ਫਿਰੋਜ਼ਪੁਰ ਤੋਂ ਟਿਕਟ ਦੇ ਦਅਵੇਦਾਰ ਹਨ।

No comments:

Post a Comment